ਮੁੱਖ ਸਮੱਗਰੀ ’ਤੇ ਜਾਓ
ZeroExperiences.ca

ਕੰਮ ’ਤੇ ਤੁਹਾਡੇ ਹੱਕ

ਬੀ.ਸੀ. ਅਤੇ ਓਨਟਾਰੀਓ ਵਿੱਚ ਟਿੱਪਸ ਅਤੇ ਟਿੱਪ ਪੂਲਿੰਗ

ਬੀ.ਸੀ. ਅਤੇ ਓਨਟਾਰੀਓ ਵਿੱਚ ਤੁਹਾਡੀਆਂ ਟਿੱਪਸ ਕੌਣ ਰੱਖਦਾ ਹੈ, ਟਿੱਪ ਪੂਲ ਕਿਵੇਂ ਕੰਮ ਕਰਦੇ ਹਨ, ਮਾਲਕ ਤੁਹਾਡੀਆਂ ਟਿੱਪਸ ਵਿੱਚੋਂ ਕੀ ਨਹੀਂ ਲੈ ਸਕਦਾ, ਅਤੇ 2024 ਵਿੱਚ ਓਨਟਾਰੀਓ ਵਿੱਚ ਕੀ ਬਦਲਿਆ।

  • ਲਾਗੂ: ਬੀ.ਸੀ. ਅਤੇ ਓਨਟਾਰੀਓ

ਜੇ ਤੁਸੀਂ ਕਿਸੇ ਰੈਸਟੋਰੈਂਟ, ਕੈਫ਼ੇ, ਜਾਂ ਬਾਰ ਵਿੱਚ ਕੰਮ ਕਰਦੇ ਹੋ, ਤਾਂ ਟਿੱਪਸ ਤੁਹਾਡੀ ਘਰ ਲਿਜਾਣ ਵਾਲੀ ਕਮਾਈ ਦਾ ਵੱਡਾ ਹਿੱਸਾ ਹੋ ਸਕਦੀਆਂ ਹਨ। ਬੀ.ਸੀ. ਅਤੇ ਓਨਟਾਰੀਓ ਦੋਵਾਂ ਵਿੱਚ ਅਜਿਹੇ ਕਾਨੂੰਨ ਹਨ ਜੋ ਤੁਹਾਡੀਆਂ ਟਿੱਪਸ ਦੀ ਰੱਖਿਆ ਕਰਦੇ ਹਨ। ਇਹ ਗਾਈਡ ਸਮਝਾਉਂਦੀ ਹੈ ਕਿ ਟਿੱਪਸ ਕੌਣ ਰੱਖਦਾ ਹੈ, ਟਿੱਪ ਪੂਲ (tip pool) ਕਿਵੇਂ ਕੰਮ ਕਰਦੇ ਹਨ, ਅਤੇ ਜੇ ਤੁਹਾਡੀਆਂ ਟਿੱਪਸ ਗ਼ਾਇਬ ਹੋ ਜਾਣ ਤਾਂ ਕੀ ਕਰਨਾ ਹੈ।

ਅਸੀਂ ਇਹ ਜਾਣਕਾਰੀ 12 ਅਕਤੂਬਰ 2026 ਨੂੰ ਚੈੱਕ ਕੀਤੀ ਸੀ। ਤਾਜ਼ਾ ਜਾਣਕਾਰੀ ਲਈ ਲਿੰਕ ਦੇਖੋ।

ਟਿੱਪ ਵਿੱਚ ਕੀ-ਕੀ ਗਿਣਿਆ ਜਾਂਦਾ ਹੈ

ਦੋਵਾਂ ਸੂਬਿਆਂ ਵਿੱਚ, ਟਿੱਪ (ਕਾਨੂੰਨ ਵਿੱਚ ਇਸਨੂੰ "gratuity" ਯਾਨੀ ਗ੍ਰੈਚੁਟੀ ਕਿਹਾ ਜਾਂਦਾ ਹੈ) ਵਿੱਚ ਇਹ ਸ਼ਾਮਲ ਹਨ:

  • ਉਹ ਪੈਸੇ ਜੋ ਕੋਈ ਗਾਹਕ ਤੁਹਾਡੇ ਲਈ ਛੱਡਦਾ ਹੈ, ਕੈਸ਼ ਵਿੱਚ ਜਾਂ ਕਾਰਡ ਪੇਮੈਂਟ ਵਿੱਚ ਜੋੜ ਕੇ
  • ਉਹ ਪੈਸੇ ਜੋ ਕੋਈ ਗਾਹਕ ਸਟਾਫ਼ ਲਈ ਮਾਲਕ ਨੂੰ ਦਿੰਦਾ ਹੈ
  • ਮਾਲਕ ਵੱਲੋਂ ਬਿੱਲ ਵਿੱਚ ਜੋੜਿਆ ਸਰਵਿਸ ਚਾਰਜ, ਜਿਵੇਂ ਵੱਡੇ ਗਰੁੱਪਾਂ ਲਈ ਤੈਅ ਚਾਰਜ, ਜਦੋਂ ਕੋਈ ਆਮ ਸਮਝ ਵਾਲਾ (reasonable) ਗਾਹਕ ਇਹੀ ਮੰਨੇਗਾ ਕਿ ਇਹ ਪੈਸੇ ਸਟਾਫ਼ ਨੂੰ ਮਿਲਣਗੇ

BC Employment Standards Act (ਬੀ.ਸੀ. ਦਾ ਰੁਜ਼ਗਾਰ ਮਿਆਰ ਕਾਨੂੰਨ) ਦਾ ਸੈਕਸ਼ਨ 1 ਅਤੇ ਓਨਟਾਰੀਓ ਦੀ ਟਿੱਪਸ ਬਾਰੇ ਗਾਈਡ ਦੇਖੋ।

ਟਿੱਪਸ ਤੁਹਾਡੀ ਤਨਖਾਹ ਤੋਂ ਇਲਾਵਾ, ਵਾਧੂ ਹੁੰਦੀਆਂ ਹਨ

ਤੁਹਾਡੇ ਮਾਲਕ ਨੂੰ ਤੁਹਾਨੂੰ ਘੱਟੋ-ਘੱਟ ਤਨਖਾਹ (minimum wage) ਜਿੰਨੀ ਤਨਖਾਹ ਤਾਂ ਦੇਣੀ ਹੀ ਪਵੇਗੀ। ਇਹ ਤਨਖਾਹ ਪੂਰੀ ਕਰਨ ਲਈ ਟਿੱਪਸ ਨਹੀਂ ਵਰਤੀਆਂ ਜਾ ਸਕਦੀਆਂ।

  • ਬੀ.ਸੀ.: ਕਾਨੂੰਨ ਹੇਠ ਟਿੱਪਸ ਤਨਖਾਹ (wages) ਨਹੀਂ ਹਨ। 1 ਜੂਨ 2021 ਤੋਂ, ਸ਼ਰਾਬ ਪਰੋਸਣ ਵਾਲੇ ਸਰਵਰਾਂ (liquor servers) ਨੂੰ ਆਪਣੀਆਂ ਟਿੱਪਸ ਤੋਂ ਇਲਾਵਾ ਆਮ ਘੱਟੋ-ਘੱਟ ਤਨਖਾਹ ਮਿਲਣੀ ਲਾਜ਼ਮੀ ਹੈ। 1 ਜੂਨ 2026 ਤੋਂ ਆਮ ਘੱਟੋ-ਘੱਟ ਤਨਖਾਹ $18.25 ਪ੍ਰਤੀ ਘੰਟਾ ਹੈ (ਬੀ.ਸੀ. ਦੀ ਘੱਟੋ-ਘੱਟ ਤਨਖਾਹ)।
  • ਓਨਟਾਰੀਓ: ਤੁਹਾਡੀ ਘੱਟੋ-ਘੱਟ ਤਨਖਾਹ ਗਿਣਨ ਵੇਲੇ ਟਿੱਪਸ ਨਹੀਂ ਗਿਣੀਆਂ ਜਾਂਦੀਆਂ। 1 ਅਕਤੂਬਰ 2026 ਤੋਂ ਆਮ ਘੱਟੋ-ਘੱਟ ਤਨਖਾਹ $17.95 ਪ੍ਰਤੀ ਘੰਟਾ ਹੈ, ਅਤੇ ਸਰਵਰਾਂ ਲਈ ਕੋਈ ਵੱਖਰਾ ਰੇਟ ਨਹੀਂ ਹੈ (ਓਨਟਾਰੀਓ ਦੀ ਘੱਟੋ-ਘੱਟ ਤਨਖਾਹ)।

ਵਕੇਸ਼ਨ ਪੇਅ (vacation pay) ਵਿੱਚ ਵੀ ਟਿੱਪਸ ਨਹੀਂ ਗਿਣੀਆਂ ਜਾਂਦੀਆਂ। ਓਨਟਾਰੀਓ ਵਿੱਚ, ਇਹ ਪਬਲਿਕ ਹੌਲੀਡੇ ਦੀ ਤਨਖਾਹ ਅਤੇ ਓਵਰਟਾਈਮ ਵਿੱਚ ਵੀ ਨਹੀਂ ਗਿਣੀਆਂ ਜਾਂਦੀਆਂ (ਬੀ.ਸੀ. ਸੈਕਸ਼ਨ 30.3 ਦੀਆਂ ਗਾਈਡਲਾਈਨਾਂ, ਓਨਟਾਰੀਓ ਦੀ ਟਿੱਪਸ ਬਾਰੇ ਗਾਈਡ)।

ਤੁਹਾਡਾ ਮਾਲਕ ਕੀ ਨਹੀਂ ਕਰ ਸਕਦਾ

ਬੀ.ਸੀ. ਵਿੱਚ, ਤੁਹਾਡਾ ਮਾਲਕ ਤੁਹਾਡੀਆਂ ਟਿੱਪਸ ਆਪ ਨਹੀਂ ਰੱਖ ਸਕਦਾ, ਉਹਨਾਂ ਵਿੱਚੋਂ ਕਟੌਤੀ ਨਹੀਂ ਕਰ ਸਕਦਾ, ਜਾਂ ਤੁਹਾਨੂੰ ਉਹ ਆਪਣੇ ਹਵਾਲੇ ਕਰਨ ਲਈ ਮਜਬੂਰ ਨਹੀਂ ਕਰ ਸਕਦਾ। ਇਸਦੇ ਅਪਵਾਦ ਸਿਰਫ਼ ਇਹ ਹਨ: ਟਿੱਪ ਪੂਲ, ਜਾਂ ਜਦੋਂ ਕੋਈ ਕਾਨੂੰਨ ਜਾਂ ਅਦਾਲਤੀ ਹੁਕਮ ਇਸਨੂੰ ਲਾਜ਼ਮੀ ਕਰਦਾ ਹੋਵੇ, ਜਿਵੇਂ ਤਨਖਾਹ ਦੀ ਕੁਰਕੀ (garnishment) (ਬੀ.ਸੀ. ਵਿੱਚ ਟਿੱਪਸ ਅਤੇ ਗ੍ਰੈਚੁਟੀ)। ਬੀ.ਸੀ. ਦੀਆਂ ਗਾਈਡਲਾਈਨਾਂ ਇਹ ਵੀ ਕਹਿੰਦੀਆਂ ਹਨ:

  • ਤੁਹਾਡਾ ਮਾਲਕ ਟਿੱਪ ਪੂਲ ਵਿੱਚੋਂ, ਜਾਂ ਉਹਨਾਂ ਟਿੱਪਸ ਵਿੱਚੋਂ ਜੋ ਉਸਦੇ ਹੱਥੋਂ ਲੰਘਦੀਆਂ ਹਨ (ਜਿਵੇਂ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਦਿੱਤੀਆਂ ਟਿੱਪਸ), ਕਟੌਤੀ ਨਹੀਂ ਕਰ ਸਕਦਾ।
  • ਬਿਨਾਂ ਪੈਸੇ ਦਿੱਤੇ ਚਲੇ ਜਾਣ ਵਾਲੇ ਗਾਹਕਾਂ ਦਾ ਖ਼ਰਚਾ ਤੁਹਾਡਾ ਮਾਲਕ ਤੁਹਾਡੇ ਤੋਂ ਨਹੀਂ ਲੈ ਸਕਦਾ, ਮਿਸਾਲ ਵਜੋਂ "ਡਾਈਨ-ਐਂਡ-ਡੈਸ਼ ਫ਼ੰਡ" (dine-and-dash fund) ਰਾਹੀਂ।
  • ਬਿਨਾਂ ਪੈਸੇ ਦਿੱਤੇ ਚਲੇ ਜਾਣ ਵਾਲੇ ਗਾਹਕਾਂ (walkouts), ਡੁੱਲ੍ਹੀਆਂ ਚੀਜ਼ਾਂ, ਜਾਂ ਟੁੱਟ-ਭੱਜ ਦਾ ਖ਼ਰਚਾ ਟਿੱਪ ਪੂਲ ਵਿੱਚੋਂ ਕੱਢਣਾ ਕਾਨੂੰਨ ਦੀ ਉਲੰਘਣਾ ਹੈ (ਸੈਕਸ਼ਨ 30.4 ਦੀਆਂ ਗਾਈਡਲਾਈਨਾਂ)।

ਓਨਟਾਰੀਓ ਵਿੱਚ, ਤੁਹਾਡਾ ਮਾਲਕ ਤੁਹਾਡੀਆਂ ਟਿੱਪਸ ਆਪ ਨਹੀਂ ਰੱਖ ਸਕਦਾ, ਉਹਨਾਂ ਵਿੱਚੋਂ ਕਟੌਤੀ ਨਹੀਂ ਕਰ ਸਕਦਾ, ਜਾਂ ਤੁਹਾਨੂੰ ਉਹ ਵਾਪਸ ਕਰਨ ਲਈ ਮਜਬੂਰ ਨਹੀਂ ਕਰ ਸਕਦਾ। ਸਿਰਫ਼ ਤਿੰਨ ਕਿਸਮ ਦੀਆਂ ਕਟੌਤੀਆਂ ਦੀ ਇਜਾਜ਼ਤ ਹੈ: ਕਾਨੂੰਨ ਵੱਲੋਂ ਲਾਜ਼ਮੀ ਟੈਕਸ ਅਤੇ ਹੋਰ ਕਟੌਤੀਆਂ, ਅਦਾਲਤੀ ਹੁਕਮ, ਅਤੇ ਟਿੱਪ ਪੂਲ (ਓਨਟਾਰੀਓ ਦੀ ਟਿੱਪਸ ਬਾਰੇ ਗਾਈਡ)। ਤੁਹਾਡਾ ਮਾਲਕ ਇਹ ਨਹੀਂ ਕਰ ਸਕਦਾ:

  • ਡੁੱਲ੍ਹੀਆਂ ਚੀਜ਼ਾਂ, ਟੁੱਟ-ਭੱਜ, ਘਾਟੇ (losses), ਜਾਂ ਨੁਕਸਾਨ (damage) ਲਈ ਟਿੱਪਸ ਵਿੱਚੋਂ ਪੈਸੇ ਲੈਣਾ
  • ਵੱਧ ਘੰਟਾਵਾਰ ਤਨਖਾਹ ਦੇ ਬਦਲੇ ਤੁਹਾਨੂੰ ਆਪਣੀਆਂ ਸਾਰੀਆਂ ਟਿੱਪਸ ਛੱਡਣ ਲਈ ਕਹਿਣਾ
  • ਤੁਹਾਨੂੰ ਘੱਟੋ-ਘੱਟ ਤਨਖਾਹ ਤੋਂ ਘੱਟ ਲੈਣ ਲਈ ਕਹਿਣਾ ਤਾਂ ਜੋ ਤੁਸੀਂ ਵੱਧ ਟਿੱਪਸ ਰੱਖ ਸਕੋ
  • ਟਿੱਪ ਪੂਲ ਤੋਂ ਬਾਹਰ ਤੁਹਾਨੂੰ "ਹਾਊਸ ਨੂੰ ਟਿੱਪ-ਆਊਟ" (tip out to the house, ਯਾਨੀ ਟਿੱਪਸ ਦਾ ਹਿੱਸਾ ਕਾਰੋਬਾਰ ਨੂੰ ਦੇਣਾ) ਕਰਨ ਲਈ ਮਜਬੂਰ ਕਰਨਾ

ਓਨਟਾਰੀਓ ਵਿੱਚ ਇੱਕ ਚਾਰਜ ਦੀ ਇਜਾਜ਼ਤ ਹੈ। ਕ੍ਰੈਡਿਟ ਕਾਰਡ ਰਾਹੀਂ ਦਿੱਤੀ ਟਿੱਪ ਵਿੱਚੋਂ, ਤੁਹਾਡਾ ਮਾਲਕ ਕਾਰਡ ਕੰਪਨੀ ਦੀ ਪ੍ਰੋਸੈਸਿੰਗ ਫ਼ੀਸ ਪੂਰੀ ਕਰਨ ਲਈ ਟਿੱਪ ਦਾ ਕੁਝ ਹਿੱਸਾ ਰੱਖ ਸਕਦਾ ਹੈ। ਇਹ ਰਕਮ ਇਹਨਾਂ ਦੋਵਾਂ ਵਿੱਚੋਂ ਜਿਹੜੀ ਵੱਧ ਹੋਵੇ, ਉਹ ਹੈ: ਟਿੱਪ ਗੁਣਾ ਕਾਰਡ ਕੰਪਨੀ ਦਾ ਪ੍ਰਤੀਸ਼ਤ, ਜਾਂ ਟਿੱਪ ਗੁਣਾ 1.5%। ਤੁਹਾਡਾ ਮਾਲਕ ਡੈਬਿਟ ਕਾਰਡ ਦੀਆਂ ਫ਼ੀਸਾਂ ਜਾਂ ਕੋਈ ਹੋਰ ਪ੍ਰੋਸੈਸਿੰਗ ਫ਼ੀਸ ਤੁਹਾਡੀਆਂ ਟਿੱਪਸ ਵਿੱਚੋਂ ਨਹੀਂ ਲੈ ਸਕਦਾ।

ਓਨਟਾਰੀਓ ਵਿੱਚ, ਤੁਸੀਂ ਇਹ ਹੱਕ ਛੱਡ ਨਹੀਂ ਸਕਦੇ, ਲਿਖਤੀ ਤੌਰ 'ਤੇ ਵੀ ਨਹੀਂ।

ਟਿੱਪ ਪੂਲ ਕਿਵੇਂ ਕੰਮ ਕਰਦੇ ਹਨ

ਟਿੱਪ ਪੂਲ ਉਦੋਂ ਹੁੰਦਾ ਹੈ ਜਦੋਂ ਤੁਹਾਡਾ ਮਾਲਕ ਟਿੱਪਸ ਇਕੱਠੀਆਂ ਕਰਦਾ ਹੈ ਅਤੇ ਉਹਨਾਂ ਨੂੰ ਕੁਝ ਜਾਂ ਸਾਰੇ ਸਟਾਫ਼ ਵਿੱਚ ਵੰਡਦਾ ਹੈ। ਦੋਵੇਂ ਸੂਬੇ ਟਿੱਪ ਪੂਲ ਦੀ ਇਜਾਜ਼ਤ ਦਿੰਦੇ ਹਨ।

  • ਨਿਯਮ ਤੁਹਾਡਾ ਮਾਲਕ ਤੈਅ ਕਰਦਾ ਹੈ। ਉਹ ਫ਼ੈਸਲਾ ਕਰਦਾ ਹੈ ਕਿ ਹਿੱਸਾ ਕਿਸਨੂੰ ਮਿਲੇਗਾ ਅਤੇ ਹਰ ਹਿੱਸਾ ਕਿੰਨਾ ਵੱਡਾ ਹੋਵੇਗਾ। ਓਨਟਾਰੀਓ ਵਿੱਚ, ਨਿਯਮ ਲਿਖਤੀ ਜਾਂ ਜ਼ਬਾਨੀ ਹੋ ਸਕਦੇ ਹਨ, ਅਤੇ ਪੂਲ ਵਿੱਚ ਸ਼ਾਮਲ ਹੋਣਾ ਤੁਹਾਡੀ ਨੌਕਰੀ ਦੀ ਸ਼ਰਤ ਹੋ ਸਕਦਾ ਹੈ।
  • ਰਸੋਈ ਦਾ ਸਟਾਫ਼ ਹਿੱਸਾ ਲੈ ਸਕਦਾ ਹੈ। ਬੀ.ਸੀ. ਵਿੱਚ, ਗਾਈਡਲਾਈਨਾਂ ਕੁੱਕਾਂ, ਡਿਸ਼ਵਾਸ਼ਰਾਂ, ਅਤੇ ਟਿੱਪਸ ਨਾ ਲੈਣ ਵਾਲੇ ਹੋਰ ਸਟਾਫ਼ ਨੂੰ ਅਜਿਹੇ ਲੋਕਾਂ ਦੀਆਂ ਮਿਸਾਲਾਂ ਵਜੋਂ ਦੱਸਦੀਆਂ ਹਨ ਜੋ ਹਿੱਸਾ ਲੈ ਸਕਦੇ ਹਨ। ਦੋਵਾਂ ਸੂਬਿਆਂ ਵਿੱਚ, ਜੇ ਮਾਲਕ ਦੀ ਪਾਲਿਸੀ ਇਜਾਜ਼ਤ ਦਿੰਦੀ ਹੈ ਤਾਂ ਮੈਨੇਜਰ ਵੀ ਹਿੱਸਾ ਲੈ ਸਕਦੇ ਹਨ।
  • ਕਾਰੋਬਾਰ ਦੇ ਮਾਲਕ (owners) ਆਮ ਤੌਰ 'ਤੇ ਹਿੱਸਾ ਨਹੀਂ ਲੈ ਸਕਦੇ। ਮਾਲਕ, ਜਾਂ ਕੰਪਨੀ ਦਾ ਕੋਈ ਡਾਇਰੈਕਟਰ ਜਾਂ ਸ਼ੇਅਰਹੋਲਡਰ, ਹਿੱਸਾ ਨਹੀਂ ਲੈ ਸਕਦਾ, ਜਦੋਂ ਤੱਕ ਉਹ ਨਿਯਮਤ ਤੌਰ 'ਤੇ ਕਾਫ਼ੀ ਹੱਦ ਤੱਕ ਉਹੀ ਕੰਮ ਨਾ ਕਰਦਾ ਹੋਵੇ ਜੋ ਪੂਲ ਵਿੱਚ ਸ਼ਾਮਲ ਸਟਾਫ਼ ਕਰਦਾ ਹੈ (BC Employment Standards Act, ਸੈਕਸ਼ਨ 30.4; ਓਨਟਾਰੀਓ ਦੀ ਟਿੱਪਸ ਬਾਰੇ ਗਾਈਡ)।
  • ਓਨਟਾਰੀਓ ਵਿੱਚ, ਤੁਸੀਂ ਪੂਲ ਵਿੱਚ ਸਿਰਫ਼ ਆਪਣੀਆਂ ਟਿੱਪਸ ਵਿੱਚੋਂ ਹੀ ਪੈਸੇ ਪਾਉਂਦੇ ਹੋ। ਕੁਝ ਪੂਲ ਸਰਵਰਾਂ ਨੂੰ ਆਪਣੀ ਸੇਲ (sales) ਦਾ ਕੁਝ ਪ੍ਰਤੀਸ਼ਤ ਪਾਉਣ ਲਈ ਕਹਿੰਦੇ ਹਨ। ਓਨਟਾਰੀਓ ਕਹਿੰਦਾ ਹੈ ਕਿ ਇਹ ਪੈਸੇ ਸਿਰਫ਼ ਟਿੱਪਸ ਵਿੱਚੋਂ ਹੀ ਆਉਣੇ ਚਾਹੀਦੇ ਹਨ। ਜਿਸ ਸਰਵਰ ਨੂੰ ਕੋਈ ਟਿੱਪ ਨਹੀਂ ਮਿਲੀ, ਉਹ ਪੂਲ ਵਿੱਚ ਕੁਝ ਨਹੀਂ ਪਾਉਂਦਾ, ਭਾਵੇਂ ਸ਼ਿਫ਼ਟ ਕਿੰਨੀ ਵੀ ਬਿਜ਼ੀ ਰਹੀ ਹੋਵੇ।

ਦੋਵਾਂ ਵਿੱਚੋਂ ਕੋਈ ਵੀ ਕਾਨੂੰਨ ਹਰ ਨੌਕਰੀ ਲਈ "ਵਾਜਬ" (fair) ਪ੍ਰਤੀਸ਼ਤ ਤੈਅ ਨਹੀਂ ਕਰਦਾ। ਓਨਟਾਰੀਓ ਵਿੱਚ, ESA (Employment Standards Act, ਰੁਜ਼ਗਾਰ ਮਿਆਰ ਕਾਨੂੰਨ) ਪੂਲ ਦੀਆਂ ਸ਼ਰਤਾਂ ਲਾਗੂ ਨਹੀਂ ਕਰਵਾ ਸਕਦਾ; ਇਹ ਸਿਰਫ਼ ਉਹਨਾਂ ਟਿੱਪਸ ਦੀ ਰੱਖਿਆ ਕਰਦਾ ਹੈ ਜੋ ਗ਼ਲਤ ਤਰੀਕੇ ਨਾਲ ਰੱਖੀਆਂ ਜਾਂ ਕੱਟੀਆਂ ਗਈਆਂ ਹੋਣ।

ਹਾਲ ਹੀ ਵਿੱਚ ਕੀ ਬਦਲਿਆ

  • 2019, ਬੀ.ਸੀ.: ਬੀ.ਸੀ. ਨੇ ਟਿੱਪਸ ਦੀ ਰੱਖਿਆ ਲਈ ਆਪਣਾ Employment Standards Act ਬਦਲਿਆ। ਮਾਲਕਾਂ ਨੂੰ ਵਰਕਰਾਂ ਦੀਆਂ ਟਿੱਪਸ ਰੱਖਣ ਤੋਂ ਰੋਕ ਦਿੱਤਾ ਗਿਆ, ਅਤੇ ਮਾਲਕਾਂ ਦੇ ਟਿੱਪ ਪੂਲ ਵਿੱਚੋਂ ਹਿੱਸਾ ਲੈਣ 'ਤੇ ਹੱਦਾਂ ਲਾਈਆਂ ਗਈਆਂ (ਬੀ.ਸੀ. ਸਰਕਾਰ ਦੀ ਨਿਊਜ਼ ਰਿਲੀਜ਼)।
  • 1 ਜੂਨ 2021, ਬੀ.ਸੀ.: ਸ਼ਰਾਬ ਪਰੋਸਣ ਵਾਲੇ ਸਰਵਰਾਂ ਲਈ ਘੱਟੋ-ਘੱਟ ਤਨਖਾਹ ਦਾ ਘੱਟ ਰੇਟ ਖ਼ਤਮ ਹੋ ਗਿਆ (ਬੀ.ਸੀ. ਦੀ ਘੱਟੋ-ਘੱਟ ਤਨਖਾਹ)।
  • 21 ਜੂਨ 2024, ਓਨਟਾਰੀਓ: ਦੋ ਨਵੇਂ ਨਿਯਮ ਲਾਗੂ ਹੋਏ (ਹਾਲੀਆ ਬਦਲਾਅ):
    • ਟਿੱਪਸ ਕੈਸ਼, ਚੈੱਕ, ਜਾਂ ਡਾਇਰੈਕਟ ਡਿਪਾਜ਼ਿਟ ਰਾਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਜਿਸ ਵਿੱਚ Interac e-Transfer ਸ਼ਾਮਲ ਹੈ। ਡਾਇਰੈਕਟ ਡਿਪਾਜ਼ਿਟ ਲਈ, ਅਕਾਊਂਟ ਤੁਸੀਂ ਚੁਣਦੇ ਹੋ, ਅਤੇ ਇਹ ਤੁਹਾਡੇ ਆਪਣੇ ਨਾਮ 'ਤੇ ਹੋਣਾ ਚਾਹੀਦਾ ਹੈ।
    • ਜੇ ਮਾਲਕ, ਜਾਂ ਕੋਈ ਡਾਇਰੈਕਟਰ ਜਾਂ ਸ਼ੇਅਰਹੋਲਡਰ, ਟਿੱਪ ਪੂਲ ਵਿੱਚੋਂ ਹਿੱਸਾ ਲੈਂਦਾ ਹੈ, ਤਾਂ ਮਾਲਕ ਨੂੰ ਟਿੱਪਸ ਵੰਡਣ ਦੀ ਆਪਣੀ ਪਾਲਿਸੀ ਅਜਿਹੀ ਥਾਂ ਲਾਉਣੀ ਪਵੇਗੀ ਜਿੱਥੇ ਸਟਾਫ਼ ਉਸਨੂੰ ਦੇਖ ਸਕੇ। ਲਾਈ ਗਈ ਹਰ ਪਾਲਿਸੀ ਨੂੰ ਉਸਦੀ ਵਰਤੋਂ ਬੰਦ ਹੋਣ ਤੋਂ ਬਾਅਦ 3 ਸਾਲਾਂ ਤੱਕ ਸਾਂਭ ਕੇ ਰੱਖਣਾ ਪਵੇਗਾ।

ਓਨਟਾਰੀਓ ਇਹ ਤੈਅ ਨਹੀਂ ਕਰਦਾ ਕਿ ਟਿੱਪਸ ਕਦੋਂ ਦਿੱਤੀਆਂ ਜਾਣ। ਪਰ ਲੰਬੀ, ਗ਼ੈਰ-ਵਾਜਬ ਦੇਰੀ ਨੂੰ ਤੁਹਾਡੀਆਂ ਟਿੱਪਸ ਰੱਖ ਲੈਣਾ ਮੰਨਿਆ ਜਾ ਸਕਦਾ ਹੈ।

ਜੇ ਤੁਹਾਡੀਆਂ ਟਿੱਪਸ ਗ਼ਾਇਬ ਹਨ

  1. ਆਪਣਾ ਰਿਕਾਰਡ ਆਪ ਰੱਖੋ। ਆਪਣੀਆਂ ਸ਼ਿਫ਼ਟਾਂ, ਆਪਣੀਆਂ ਟਿੱਪਸ, ਅਤੇ ਹਰ ਟਿੱਪ-ਆਊਟ (tip-out) ਲਿਖ ਕੇ ਰੱਖੋ। ਲਾਈ ਗਈ ਕਿਸੇ ਵੀ ਟਿੱਪ ਪਾਲਿਸੀ ਦੀ ਫ਼ੋਟੋ ਖਿੱਚ ਲਓ।
  2. ਸਵਾਲ ਪੁੱਛੋ। ਆਪਣੇ ਮੈਨੇਜਰ ਨੂੰ, ਹੋ ਸਕੇ ਤਾਂ ਲਿਖਤੀ ਤੌਰ 'ਤੇ, ਪੁੱਛੋ ਕਿ ਟਿੱਪ ਪੂਲ ਕਿਵੇਂ ਕੰਮ ਕਰਦਾ ਹੈ।
  3. ਆਪਣੇ ਸੂਬੇ ਤੋਂ ਮਦਦ ਲਓ। ਗ਼ਲਤ ਤਰੀਕੇ ਨਾਲ ਰੱਖੀਆਂ ਟਿੱਪਸ ਇੱਕ ਕਰਜ਼ਾ ਹਨ ਜੋ ਤੁਹਾਡੇ ਮਾਲਕ ਨੇ ਤੁਹਾਨੂੰ ਦੇਣਾ ਹੈ। ਸੂਬਾ ਉਹਨਾਂ ਨੂੰ ਬਕਾਇਆ ਤਨਖਾਹ (unpaid wages) ਵਾਂਗ ਵਸੂਲ ਕਰ ਸਕਦਾ ਹੈ।

ਬੀ.ਸੀ.: Employment Standards (ਰੁਜ਼ਗਾਰ ਮਿਆਰ ਵਿਭਾਗ) ਨੂੰ 1-833-236-3700 'ਤੇ ਫ਼ੋਨ ਕਰੋ, ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7:30 ਤੋਂ ਸ਼ਾਮ 5 ਵਜੇ ਤੱਕ (ਪੈਸੀਫ਼ਿਕ ਸਮਾਂ)। ਤੁਸੀਂ ਆਪਣੀ ਪਸੰਦ ਦੀ ਭਾਸ਼ਾ ਵਿੱਚ ਮਦਦ ਲੈ ਸਕਦੇ ਹੋ (ਸੰਪਰਕ)। ਸ਼ਿਕਾਇਤ ਕਰਨ ਦੀ ਕੋਈ ਫ਼ੀਸ ਨਹੀਂ ਹੈ। ਜੇ ਤੁਸੀਂ ਨੌਕਰੀ ਛੱਡ ਚੁੱਕੇ ਹੋ, ਤਾਂ ਤੁਹਾਨੂੰ ਆਪਣੇ ਆਖ਼ਰੀ ਦਿਨ ਤੋਂ 6 ਮਹੀਨਿਆਂ ਦੇ ਅੰਦਰ ਸ਼ਿਕਾਇਤ ਦਰਜ ਕਰਨੀ ਪਵੇਗੀ। ਸ਼ਿਕਾਇਤ ਕਰਨ ਕਰਕੇ ਤੁਹਾਡਾ ਮਾਲਕ ਤੁਹਾਨੂੰ ਸਜ਼ਾ ਨਹੀਂ ਦੇ ਸਕਦਾ (ਸ਼ਿਕਾਇਤ ਦਾ ਤਰੀਕਾ)। ਯੂਨੀਅਨ ਵਾਲੀ ਨੌਕਰੀ ਵਿੱਚ, ਟਿੱਪਸ ਦੀਆਂ ਸਮੱਸਿਆਵਾਂ ਇਸਦੀ ਥਾਂ ਗ੍ਰੀਵੈਂਸ ਪ੍ਰਕਿਰਿਆ (grievance process, ਯੂਨੀਅਨ ਰਾਹੀਂ ਰਸਮੀ ਸ਼ਿਕਾਇਤ) ਰਾਹੀਂ ਨਜਿੱਠੀਆਂ ਜਾਂਦੀਆਂ ਹਨ।

ਓਨਟਾਰੀਓ: Employment Standards Information Centre (ਰੁਜ਼ਗਾਰ ਮਿਆਰ ਜਾਣਕਾਰੀ ਕੇਂਦਰ) ਨੂੰ 1-800-531-5551 (ਟੋਲ-ਫ੍ਰੀ) ਜਾਂ 416-326-7160 'ਤੇ ਫ਼ੋਨ ਕਰੋ। ਆਮ ਤੌਰ 'ਤੇ, ਤੁਹਾਨੂੰ ਦੋ ਸਾਲਾਂ ਦੇ ਅੰਦਰ ਕਲੇਮ (claim, ਸ਼ਿਕਾਇਤ) ਦਰਜ ਕਰਨਾ ਪੈਂਦਾ ਹੈ (ਕਲੇਮ ਦਰਜ ਕਰਨਾ)। ਆਪਣੇ ਹੱਕਾਂ ਬਾਰੇ ਪੁੱਛਣ ਜਾਂ ਕਲੇਮ ਦਰਜ ਕਰਨ ਕਰਕੇ ਤੁਹਾਡਾ ਮਾਲਕ ਤੁਹਾਨੂੰ ਸਜ਼ਾ ਨਹੀਂ ਦੇ ਸਕਦਾ (ਬਦਲੇ ਦੀ ਕਾਰਵਾਈ)।

ਅਗਲੇ ਕਦਮ

ਸਰੋਤ

ਨਿਯਮ ਅਤੇ ਤਨਖ਼ਾਹਾਂ ਬਦਲਦੀਆਂ ਰਹਿੰਦੀਆਂ ਹਨ। ਇਹ ਉਹ ਸਰਕਾਰੀ ਸਰੋਤ ਹਨ ਜੋ ਅਸੀਂ ਜਾਂਚੇ ਹਨ (ਅੰਗਰੇਜ਼ੀ ਵਿੱਚ)।

  1. Government of BC: Tips and gratuities
  2. Government of BC: Interpretation guidelines, Gratuities (Act section 30.3)
  3. Government of BC: Interpretation guidelines, Redistribution of gratuities (Act section 30.4)
  4. BC Laws: Employment Standards Act
  5. Government of BC news release: Changes to employment standards (April 29, 2019)
  6. Government of BC: Minimum wage
  7. Government of BC: Contact Employment Standards
  8. Government of BC: Employment standards complaint process
  9. Ontario: Your guide to the Employment Standards Act, Tips or other gratuities
  10. Ontario: Your guide to the Employment Standards Act, Recent changes
  11. Ontario: Your guide to the Employment Standards Act, Minimum wage
  12. Ontario: Your guide to the Employment Standards Act, Filing a claim
  13. Ontario: Your guide to the Employment Standards Act, Reprisals